Punjabi Tribune 19 Feb. 2013


ਐਨਆਰਆਈ ਸਭਾ ਵੱਲੋਂ ਓਬਰਾਏ ਦਾ ਸਨਮਾਨ
 February - 19 - 2013
 ਐਨ.ਆਰ.ਆਈ. ਸਭਾ ਦੇ ਅਹੁਦੇਦਾਰ ਐਸ.ਪੀ. ਸਿੰਘ ਓਬਰਾਏ ਨੂੰ ਸਨਮਾਨਿਤ ਕਰਦੇ ਹੋਏ
 (ਫੋਟੋ: ਮਲਕੀਅਤ ਸਿੰਘ)
ਨਿੱਜੀ ਪੱਤਰ ਪ੍ਰੇਰਕ, 
ਜਲੰਧਰ 18 ਫਰਵਰੀ
ਦੁਬਈ ‘ਚੋਂ 17 ਪੰਜਾਬੀਆਂ ਨੂੰ ਫ਼ਾਂਸੀ ਦੇ ਫੰਦੇ ਤੋਂ ਬਚਾ ਕੇ ਲਿਆਏ ਐਸ.ਪੀ. ਸਿੰਘ ਓਬਰਾਏ ਨੇ ਐਨ.ਆਰ.ਆਈ. ਸਭਾ ਪੰਜਾਬ ਨੂੰ ਕਿਹਾ ਕਿ ਉਹ ਸੂਬੇ ਦੇ ਹਰ ਜ਼ਿਲ੍ਹੇ ’ਚ ਦਫਤਰ ਖੋਲ੍ਹ ਕੇ ਦੁਬਈ ਜਾਣ ਵਾਲੇ ਮੁੰਡਿਆਂ ਨੂੰ ਠੱਗੀਆਂ ਤੋਂ ਬਚਣ ਬਾਰੇ ਜਾਣਕਾਰੀ ਦੇਵੇ। ਉਹ ਸਭਾ ਨੂੰ ਦੁਬਈ ਤੋਂ ਕੰਪਨੀਆਂ ਬਾਰੇ ਮੰਗੀ ਗਈ ਜਾਣਕਾਰੀ ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦੇਣਗੇ। ਐਨ.ਆਰ.ਆਈ. ਸਭਾ ਪੰਜਾਬ ਵੱਲੋਂ ਅੱਜ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਬਈ ਜਾਣ ਵਾਲੇ ਜ਼ਿਆਦਾਤਰ ਮੁੰਡੇ ਗਰੀਬ ਘਰਾਂ ਦੇ ਹੁੰਦੇ ਹਨ ਜਿਹੜੇ ਕਰਜ਼ਾ ਚੁੱਕ ਕੇ ਜਾਂਦੇ ਹਨ ਤੇ ਟਰੈਵਲ ਏਜੰਟ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਧੋਖਾ ਕਰ ਜਾਂਦੇ ਹਨ ਜਿਸ ਕਾਰਨ ਉਹ ਦੁਬਈ ਜਾ ਕੇ ਫਸ ਜਾਂਦੇ ਹਨ।ਉਨ੍ਹਾਂ ਕਿਹਾ ਟਰੈਵਲ ਏਜੰਟ ਭੇਜਣ ਸਮੇਂ ਤਾਂ ਕੰਪਨੀਆਂ ਦੀ ਤਨਖਾਹ ਕੁਝ  ਹੋਰ ਦੱਸਦੇ ਹਨ ਪਰ ਉਥੇ ਜਾ ਕੇ ਉਨ੍ਹਾਂ ਨੂੰ ਬੜੇ ਘੱਟ ਪੈਸੇ ਮਿਲਦੇ ਹਨ ਜਿਸ ਕਾਰਨ ਉਹ ਗਲਤ ਕੰਮਾਂ ’ਚ ਫਸ ਜਾਂਦੇ ਹਨ। ਸ੍ਰੀ ਓਬਰਾਏ ਨੇ ਦੱਸਿਆ ਕਿ ਦੁਬਈ ਜਾਣ ਵਾਲੇ ਮੁੰਡਿਆਂ ਦੀ ਖੱਜਲ ਖੁਆਰੀ ਰੋਕਣ ਲਈ ਉਹ ਸਭਾ ਨਾਲ ਤਾਲਮੇਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰਾ ਕੁਝ ‘ਸਰਬੱਤ ਦਾ ਭਲਾ’ ਨਾਂਅ ਦੀ ਜਥੇਬੰਦੀ ਹੇਠ ਕਰ ਰਹੇ ਹਨ ਜਿਸ ਦਾ ਮੁੱਖ ਮੰਤਵ ਸਮੁੱਚੀ ਲੋਕਾਈ ਨੂੰ ਕਲਾਵੇ ‘ਚ ਲੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 6 ਜੇਲ੍ਹਾਂ ਦੇ ਨਾਲ  ਉਹ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਖੇਡਣ ਦਾ ਵੀ ਪ੍ਰਬੰਧ ਕਰ ਰਹੇ ਹਨ ਜਿਨ੍ਹਾਂ ਦੀਆਂ ਮਾਵਾਂ ਜੇਲ੍ਹਾਂ ’ਚ ਸਜ਼ਾ ਭੁਗਤ ਰਹੀਆਂ ਹਨ। ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ ਐਸ.ਪੀ. ਸਿੰਘ ਓਬਰਾਏ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੌਤ ਦੇ ਮੂੰਹ ‘ਚ ਫਸੇ 17 ਨੌਜਵਾਨਾਂ ਨੂੰ ਬਚਾਇਆ ਹੈ।
ਇਸ ਮੌਕੇ ਅਮਰੀਕਾ ਤੋਂ ਆਏ ਸਭਾ ਦੇ ਉਪ ਪ੍ਰਧਾਨ ਪਰਵਾਸੀ ਪੰਜਾਬੀ ਰੌਣਕ ਸਿੰਘ ਨੇ ਕਿਹਾ ਕਿ ਸਾਰੇ ਦੇਸ਼ਾਂ ‘ਚ ਵਸਦੇ ਪੰਜਾਬੀ ਐਨ.ਆਰ.ਆਈ. ਹੀ ਹਨ ਜਿਹੜੇ ਲੋਕ ਦੁਬਈ ਵਾਲਿਆਂ ਨੂੰ ਐਨ.ਆਰ.ਆਈ. ਹੀ ਨਹੀਂ ਮੰਨਦੇ ਉਨ੍ਹਾਂ ਦੀ ਉਹ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਬਾਨੀ  ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ, ਐਸ.ਕੇ.  ਚੋਪੜਾ, ਸਤਿੰਦਰਪਾਲ ਸਿੰਘ ਢੱਟ, ਡਾ. ਐਨ.ਐਸ. ਕੰਗ,ਸਤਨਾਮ ਚਾਨਾ,ਨਰਿੰਦਰ ਸਿੰਘ ਸੱਤੀ ਤੇ ਸਭਾ ਦੇ ਅਧਿਕਾਰੀ ਹਾਜ਼ਰ ਸਨ।

No comments:

Post a Comment